Wednesday, February 1, 2012

ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਵੇਹੜੇ ਵਿੱਚ ਖਿੜੇ ਫੁੱਲਾਂ ਉੱਤੇ ਵਰ੍ਹਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..
ਤੇਰੀ ਮੇਰੀ ਸਾਂਝ ਨੂੰ ਕਲਾਵੇ ਭਰਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਬੇਰੀਆਂ ਦੇ ਬੇਰਾਂ ਨੂੰ ਖੁਮਾਰੀ ਚੜ੍ਹਦੀ..
ਉੱਡਦੀ ਕਬੂਤਰੀ ਹਵਾ ਨੂੰ ਫੜਦੀ..
ਆਖਣਾ ਏ ਕੀ ਟਾਹਣੀ ਜਿਹੇ ਲੱਕ ਦਾ..
ਮੱਠੀ ਮੱਠੀ ਅੱਗ ਵਿੱਚ ਗੀਤ ਪੱਕਦਾ..
ਬੁੱਲ੍ਹਾਂ ਉੱਤੇ ਸੂਹੇ ਸੂਹੇ ਬੋਲ ਧਰਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਉੱਲੂਆਂ ਦੇ ਖੰਭਾਂ ਉੱਤੇ ਰੰਗ ਡੁੱਲ੍ਹਦਾ..
ਹੌਲੇ ਹੌਲੇ ਦਿਲ ਦਾ ਕਿਵਾੜ ਖੁੱਲਦਾ..
ਠੰਡੇ ਠੰਡੇ ਖਾਬ ਚੰਗਿਆੜੀ ਉੱਠਦੀ..
ਬੁੱਤ ਵਿੱਚੋਂ ਸਾਡੇ ਜਿੰਦ ਜਾਨ ਮੁੱਕਦੀ..
ਪਾਣੀ ਉੱਤੇ ਸੁਥਰੀ ਤਮੰਨਾ ਤਰਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਤੋਰੀਆਂ ਦੀ ਵੇਲ ਉੱਤੇ ਫੁੱਲ ਖਿੜਦੇ..
ਪੈਲੀਆਂ 'ਚ ਹਰੇ ਹਰੇ ਗੀਤ ਛਿੜਦੇ..
ਖੀਰ ਪੂੜੇ ਮਿੱਠੇ ਪਕਵਾਨ ਪੱਕਦੇ..
ਬੇਲਿਆਂ 'ਚ ਰਾਂਝੇ ਮੱਝੀਆਂ ਨੂੰ ਹੱਕਦੇ..
ਗਿੱਲੀ ਮਿੱਟੀ ਸਾਹਾਂ ਵਿੱਚ ਰੰਗ ਭਰਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਡਾਲੀ ਡਾਲੀ ਵਿੱਚੋਂ ਨਵਾਂ ਰੂਪ ਫੁੱਟਦਾ..
ਤਪਦੇ ਦੁਪਿਹਰਿਆਂ ਦਾ ਮਾਣ ਟੁੱਟਦਾ..
ਗਾਜਰੀ ਗੁਲਾਬੀ ਕੋਈ ਚੁੰਨੀ ਹੱਸਦੀ..
ਬਿਜਲੀ ਦੀ ਤਾਰ ਧਰਤੀ ਨੂੰ ਡੱਸਦੀ..
ਸੱਤਰੰਗੀ ਪੀਂਘ ਅੰਬਰਾਂ 'ਤੇ ਚੜ੍ਹਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

ਵੇਹੜੇ ਵਿੱਚ ਖਿੜੇ ਫੁੱਲਾਂ ਉੱਤੇ ਵਰ੍ਹਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..
ਤੇਰੀ ਮੇਰੀ ਸਾਂਝ ਨੂੰ ਕਲਾਵੇ ਭਰਦੀ..
ਨਿੱਕੀ ਜਿੰਨੀ ਕਣੀ ਕਰਾਮਾਤ ਕਰਦੀ..

harmanjeet

No comments:

Post a Comment