Wednesday, April 25, 2012

Gazal by Khawar Raja

ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ
ਇਸ ਲਈ ਤੇ ਸਭ ਤੋਂ ਬਹੁਤਾ ਰੰਗ ਉਸਦਾ ਜ਼ਰਦ ਸੀ।

ਢੋ ਕੇ ਆਇਆ ਟੋਕਰੀ ਜਦ ਸ਼ਾਮ ਨੂੰ ਘਰ ਡੋਲਦਾ,
ਸਿਰਫ਼ ਖ਼ਾਲੀ, ਪਾਟਿਆ, ਖੀਸਾ ਮੇਰਾ ਹਮਦਰਦ ਸੀ।

ਕੱਲ ਖ਼ਬਰੇ ਸੀਤ ਦੀ ਸੀ ਡੈਣ ਫੇਰਾ ਪਾ ਗਈ,
ਜਿਸ ਨੂੰ ਛੋਹ ਕੇ ਵੇਖਿਆ ਉਹ ਬਰਫ਼ ਵਾਂਗੂੰ ਸਰਦ ਸੀ।

ਲੋਕ ਜਾਗੀਰਾਂ ਸਮਝ ਕੇ ਇਸ 'ਤੇ ਡਾਕੇ ਮਾਰਦੇ,
ਦਿਲ ਦੀ ਕੁੱਲੀ ਵਿਚ ਮੈਂ ਜਿਹੜਾ ਸਾਂਭ ਰੱਖਿਆ ਦਰਦ ਸੀ।

ਕੋਠੀਆਂ ਨੂੰ ਛਡਕੇ ਉਹ ਸੌਂਦਾ ਰਿਹਾ ਫੁੱਟਪਾਥ 'ਤੇ,
ਆਖਦੇ ਨੇ ਉਸਨੂੰ ਸਭ ਕਿਸ ਤਰਾਂ ਦਾ ਮਰਦ ਸੀ।

ਛੱਡਕੇ ਸੁੱਖਾਂ ਦੀ ਛਾਂ ਜੋ ਦੁੱਖਾਂ ਦੀ ਛਾਵੇਂ ਬਹਿ ਗਿਆ,
ਸੋਚਦੀ ਹਾਂ ਖ਼ਬਰੇ ਉਹ ਆਦਮ ਹੀ ਪਹਿਲਾ ਮਰਦ ਸੀ।

ਵੇਲੇ ਦੀ ਸ਼ਤਰੰਜ ਨੂੰ ' ਖ਼ਾਵਰ ' ਮੈਂ ਕੀਕੂੰ ਜਿੱਤਦੀ,
ਮੇਰੀ ਹਰ ਇੱਕ ਖ਼ੁਸ਼ੀ ਦੀ,ਕਿਸਮਤ ਦੇ ਹੱਥ ਵਿੱਚ ਨਰਦ ਸੀ।
---- ਖ਼ਾਵਰ ਰਾਜਾ

1 comment:

  1. ਬਹੁਤ ਸੋਹਣੀ ਗ਼ਜਲ ਆ .....
    ਢੋ ਕੇ ਆਇਆ ਟੋਕਰੀ ਜਦ ਸ਼ਾਮ ਨੂੰ ਘਰ ਡੋਲਦਾ,
    ਸਿਰਫ਼ ਖ਼ਾਲੀ, ਪਾਟਿਆ, ਖੀਸਾ ਮੇਰਾ ਹਮਦਰਦ ਸੀ।
    ਦਿਲ ਨੂੰ ਸ਼ੋਹ ਜਾਣ ਵਾਲਾ ਸ਼ਿਅਰ

    ReplyDelete