Thursday, April 26, 2012

Gazal by Manzoor Ahmed Jugnu

ਰੱਬਾ ਲੀਡਰ ਹੋਰ ਨਾ ਜੰਮਣ
ਜੇ ਜੰਮਣ ਤਾਂ ਚੋਰ ਨਾ ਜੰਮਣ।
 
ਇਹੋ ਜਿਹੇ ਜੋ ਮਾਲ ਲਵੇਟੂ,
ਐਸੇ ਨਵੇਂ ਨਕੋਰ ਨਾ ਜੰਮਣ।
 
ਬੰਦਿਆਂ ਦੇ ਥਾਂ ਬੰਦੇ ਜੰਮਣ,
ਵੰਨ ਸੁਵੰਨੇ ਢੋਰ ਨਾ ਜੰਮਣ।
 
ਪੀਰ ਨਾ ਜੰਮਣ ਰੰਨ ਉਧਾਲੂ,
ਅਫ਼ਸਰ ਰਿਸ਼ਵਤਖੋਰ ਨਾ ਜੰਮਣ।
 
ਕਮਜ਼ੋਰਾਂ ਦਾ ਹੱਕ ਜੋ ਖਾਵਣ,
ਏਦਾਂ ਦੇ ਸ਼ਾਹਜ਼ੋਰ ਨਾ ਜੰਮਣ।

ਫ਼ਿਰਕਿਆਂ ਨੂੰ ਜੋ ਦੇਣ ਹਵਾਵਾਂ,
ਐਸੇ ਕਾਜ਼ੀ ਹੋਰ ਨਾ ਜੰਮਣ।
 
ਮੇਹਨਤਕਸ਼ ਜੀਅ ਜੰਮਣ ਰੱਬਾ,
ਫਿਰਕੂ ਪੁੱਤ ਲਟੋਰ ਨਾ ਜੰਮਣ।
 
ਜ਼ੋਰਾਵਰ ਨਾ ਜੰਮਣ ਡਾਕੂ,
ਪੁਲਿਸ ਵਾਲੇ ਕਮਜ਼ੋਰ ਨਾ ਜੰਮਣ।
 
ਕਣਕ, ਕਮਾਦ, ਕਪਾਹਾਂ ਜੰਮਣ,
ਭੱਖੜੇ ਪੋਹਲੀ ਥੋਰ੍ਹ ਨਾ ਜੰਮਣ।
.....ਮਨਜ਼ੂਰ ਅਹਿਮਦ ਜੁਗਨੂੰ

No comments:

Post a Comment