Friday, June 1, 2012

ਕੰਡਿਆਲੀ ਥੋਰ... Kandhyaali Thohar By Shiv Kumar Batalvi


ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !

ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ ,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ ,
ਸੂਤੀਆਂ ਜਾਵਣ ਨਾੜਾਂ !

ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ ,
ਜਾਂ ਮਰੂਏ ਦਾ ਫੁੱਲ ਬਸੰਤੀ ,
ਜੋ ਠੁੰਗ ਜਾਣ ਗੁਟਾਰਾਂ !

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !
ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ !

ਯਾਦ ਤੇਰੀ ਦੇ ਉੱਚੇ ਮਹਿਲੀਂ ,
ਮੈਂ ਬੈਠੀ ਪਈ ਰੋਵਾਂ ,
ਹਰ ਦਰਵਾਜੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ ,
ਲੁੱਟ ਲਈ ਆਪ ਕੁਹਾਰਾਂ ,
ਬੰਨਣ ਦੀ ਥਾਂ ਬਾਬਲ ਜਿਸ ਦੇ ,
ਆਪ ਕਲੀਰੇ ਲਾਹੇ !

ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !

ਮੇਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬੇਲੇ ,
ਨਾ ਕੋਈ ਮੇਰੇ ਛਾਂਵੇ ਬੈਠੇ ,
ਨਾ ਪੱਤ ਖ਼ਾਵਣ ਲੇਲੇ !

ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ ,
ਤੂਹਿਓਂ ਦਸ ਵੇ ਮੋਹਰਾਂ ਸਾਹਵੇਂ
ਮੁੱਲ ਕੀਹ ਖੋਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ !

ਤੇਰੀ ਮੇਰੀ ਪੀ੍ਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜਿਆ ਦਿਹੁੰ ਵੇਲੇ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !

ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !

ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ !

No comments:

Post a Comment