Thursday, April 23, 2020



ਬਣਦੇ ਜਾਂਦੇ ਗਲ ਦੇ ਫਾਹ ਬਈ ਮਾਰੇ ਗਏ
ਘੋਟੂ ਦੇਵਣ ਲੱਗ ਪਏ ਸਾਹ ਬਈ ਮਾਰੇ ਗਏ

ਦੱਸਣ ਦਾ ਨਈ ਛੱਡਿਆ ਇਸ ਇਕਲਾਪੇ ਨੇ
ਵਿਕਦੀ ਪਈ ਏ ਜਿਹੜੇ ਭਾਅ ਬਈ ਮਾਰੇ ਗਏ

ਇੱਕ ਅਣਹੋਣੀ ਲੈ ਬੈਠੀ ਏ ਲੋਕਾਂ ਨੂੰ
ਸੁੰਞੇ ਹੋ ਗਏ ਵਸਦੇ ਰਾਹ ਬਈ ਮਾਰੇ ਗਏ

ਤੇਰੇ ਬੂਹਿਆਂ ਨੂੰ ਵੀ ਜਿੰਦਰੇ ਚੜ ਗਏ ਨੇ
ਰੱਬਾ ਦੇਵੇ ਕੌਣ ਪਨਾਹ ਬਈ ਮਾਰੇ ਗਏ

ਇਸਤੋਂ ਵਧਕੇ ਹੋਰ ਉਜਾੜਾ ਕੀ ਹੋਣਾ
ਚੁੱਲ੍ਹੇ ਚੌਂਤੇ ਉੱਘ ਪਏ ਘਾਹ ਬਈ ਮਾਰੇ ਗਏ

ਅਨਵਰ ਇਹ ਦਿਨ ਔਂਤਰ ਜਾਣੇ ਆ ਗਏ ਨੇ
ਹੱਥ ਮਿਲਾਵਣ ਦੀ ਨਈ ਵਾਹ ਬਈ ਮਾਰੇ ਗਏ

- ਮੁਸਤਫ਼ਾ ਅਨਵਰ

No comments:

Post a Comment