Thursday, April 16, 2020

ਇਮਰੋਜ਼ ਨੂੰ ਪਾਠਕਾਂ ਦੇ ਸਵਾਲ



? "ਨਾਗਮਣੀ ਦੀ ਸਾਰੀ ਮਮਤਾ ਗਿਣਤੀ ਦੀਆਂ ਦੋ ਚਾਰ ਕਲਮਾਂ ਦੇ ਲੇਖੇ ਕਿਉਂ ਲੱਗ ਗਈ ਹੈ?" - ਇੱਕ ਪਾਠਕ 

 *  ਜਵਾਬ - ਇਹ ਖ਼ੂਨ ਦੇ ਰਿਸ਼ਤੇ ਦੀ ਮਮਤਾ ਨਹੀਂ, ਮਿਆਰ ਦੀ ਮਮਤਾ ਹੈ



?  ਮੈਂ ਇੱਕ ਲੰਬੇ ਅਨੁਭਵ ਤੋਂ ਬਾਅਦ 'ਰਸ ਸਿਧਾਂਤ' ਦੀ ਵਿਆਖਿਆ ਕੀਤੀ ਹੈ, ਕਿਸੇ ਦੀ ਰਚਨਾ ਦੇ ਆਧਾਰ ਉੱਤੇ ਨਹੀਂ ਬਲਕਿ ਸਾਹਿਤਕਾਰ ਦੀ ਜ਼ਿੰਦਗੀ ਦੇ ਆਧਾਰ ਉੱਤੇ| ਮੇਰਾ ਅਨੁਭਵ ਹੈ ਕਿ ਜਦੋਂ ਕਿਸੇ ਕਵੀ ਨੂੰ ਕੁੜੀਆਂ ਦਾਦ ਦਿੰਦੀਆਂ ਹਨ, ਉਦੋਂ ਸ਼ਿੰਗਾਰ ਰਸ ਦਾ ਜਨਮ ਹੁੰਦਾ ਹੈ| ਜਦੋਂ ਕਿਸੇ ਕਵੀ ਦੀ ਕਵਿਤਾ ਜਾਂ ਕਹਾਣੀ ਦੇ ਨਾਲ ਉਸਦੀ ਤਸਵੀਰ ਛਪਦੀ ਹੈ, ਤਾਂ ਅਦੁਭਤ ਰਸ ਪੈਦਾ ਹੁੰਦਾ ਹੈ| ਜਦੋਂ ਕੋਈ ਆਲੋਚਕ ਕਿਸੇ ਕਵੀ ਦੀ ਆਲੋਚਨਾ ਕਰਦਾ ਹੈ ਤਾਂ ਕਵੀ ਵਿੱਚ ਭਿਆਨਕ ਰਸ ਪੈਦਾ ਹੁੰਦਾ ਹੈ, ਤੇ ਜਵਾਬੀ ਲੇਖ ਨਾਲ ਵੀਰ ਰਸ ਪੈਦਾ ਹੁੰਦਾ ਹੈ| ਜਦੋਂ ਅਫ਼ਵਾਹ ਉੱਡਦੀ ਹੈ ਕਿ ਇਸ ਵਰ੍ਹੇ ਦਾ ਇਨਾਮ ਉਸ ਨੂੰ ਨਹੀਂ, ਉਸ ਦੇ ਸਮਕਾਲੀ ਨੂੰ ਮਿਲ ਰਿਹਾ ਹੈ ਤਾਂ ਕਵੀ-ਲੇਖਕ ਦੇ ਵਿੱਚ ਬੀਭਤਸ ਰਸ ਦਾ ਸੰਚਾਰ ਹੁੰਦਾ ਹੈ| ਅਤੇ ਖ਼ੁਦਾ ਨਖ਼ਾਸਤਾ ਜਦੋਂ ਉਹ ਇਨਾਮ ਕਿਸੇ ਦੂਸਰੇ ਨੂੰ ਮਿਲ ਜਾਂਦਾ ਹੈ ਤਾਂ ਪਹਿਲੇ ਦੇ ਮਨ ਵਿੱਚ ਰੁਦ੍ਰ ਰਸ ਪੈਦਾ ਹੁੰਦਾ ਹੈ| ਤੇ ਜਿਸ ਨੂੰ ਮਿਲ ਜਾਂਦਾ ਹੈ- ਉਹਦੇ ਅੰਦਰ ਸ਼ਾਂਤ ਰਸ ਦਾ ਜਨਮ ਹੁੰਦਾ ਹੈ| ਤੇ ਹਾਂ ਸੱਚ- ਜਦੋਂ ਇਨਾਮੀ ਮੁਕਾਬਲੇ ਵਿੱਚ ਹਾਰੇ ਹੋਏ ਕਵੀ ਨਾਲ ਲੋਕ ਹਮਦਰਦੀ ਕਰਦੇ ਹਨ ਤਾਂ ਉਹਦੇ ਅੰਦਰ ਕੁਝ ਕਰੁਣਾ ਰਸ ਦਾ ਸੰਚਾਰ ਹੁੰਦਾ ਹੈ| ਤੁਸੀਂ ਦੱਸਣਾ ਇਮਰੋਜ਼ ਜੀ, ਮੇਰੀ ਵਿਆਖਿਆ ਨਾਲ ਤੁਸੀਂ ਸਹਿਮਤ ਹੋ? - . ਸਿੰਘ 

* ਸਹਿਮਤ ਨਹੀਂ ਹੋ ਸਕਦਾ ਕਿਉਂਕਿ ਤੁਸਾਂ ਇਹ ਵਿਆਖਿਆ ਕਰਦਿਆਂ ਕਵੀ-ਲੇਖਕ ਲਫ਼ਜ਼ਾਂ ਨੂੰ ਕਾਮਿਆਂ ਵਿੱਚ ਨਹੀਂ ਲਿਖਿਆ| ਨਾਲ ਹੀ ਤੁਹਾਨੂੰ ਯਾਦ ਕਰਾ ਦਿਆਂ ਕਿ ਤੁਸਾਂ ਅੱਠ ਰਸ ਬਿਆਨ ਕੀਤੇ ਹਨ, ਨੌੰਵੇ ਦਾ ਜ਼ਿਕਰ ਨਹੀਂ ਕੀਤਾ| ਨੌਂਵਾਂ ਹਾਸ-ਰਸ ਇਹ ਸਾਰੀ ਹਾਲਤ ਹੈ|

ਅੰਕ- 193 (ਕਾਜ਼ੀ ਦੀਆਂ ਛਮਕਾਂ)
ਮਈ 1982

No comments:

Post a Comment