ਅੱਧ ਪਚੱਦੀਆਂ ਗ਼ਜ਼ਲਾਂ ਦੇ ਵਿੱਚ ਤੇਰਾ ਜੋਬਨ ਭਰ ਜਾਵਾਂ
ਵੰਗਾਂ ਨੂੰ ਛਣਕਾ ਕੁਝ ਮਿਸਰੇ ਸਿੱਧੇ ਪਧਰੇ ਕਰ ਜਾਵਾਂ
ਪੈਰੀਂ ਜੰਨਤਾਂ ਰੱਖਣ ਵਾਲੀਏ ਰੱਬ ਤੋਂ ਡਰਕੇ ਕਹਿਨਾਂ ਵਾਂ
ਕੰਡ 'ਤੇ ਤੇਰਾ ਹੱਥ ਹੋਵੇ ਤੇ ਅੱਗ ਦਾ ਦਰਿਆ ਤਰ ਜਾਵਾਂ
ਜਿਹੜਾ ਮੇਰੇ ਇੱਕ ਇੱਕ ਸਾਹ ਨੂੰ ਰੋਜ਼ ਤਵੇ ਤੇ ਪਾਉਂਦਾ ਏ
ਫਿਰ ਖ਼ਬਰੇ ਕਿਉਂ ਉਹਦਾ ਮੁੱਖ ਜਦ ਵੇਖਾਂ ਮੈਂ ਠਰ ਠਰ ਜਾਵਾਂ
ਤੂੰ ਕਿਤਿਓਂ ਨੀ ਥੁੜਦੀ ਦਿਸਦੀ ਤੂੰ ਅਜ਼ਲਾਂ ਤੋਂ ਪੂਰੀ ਏਂ
ਚੁੰਨੀ ਦੀ ਥਾਂ ਤੇਰੇ ਸਿਰ ਤੇ ਕਿਉਂ ਨਾ ਪਗੜੀ ਧਰ ਜਾਵਾਂ
ਅੰਬਰ ਤੇ ਧਰਤੀ ਦੇ ਰਾਜ਼ਕ ਵੱਲੋਂ ਰਿਜ਼ਕ ਉਡੀਕਦਾ ਮੈਂ
ਉਹ ਨਾ ਹੋਵੇ ਘਰ ਬੈਠਾ ਈ ਅਨਵਰ ਭੁੱਖਾ ਮਰ ਜਾਵਾਂ
- ਮੁਸਤਫ਼ਾ ਅਨਵਰ
No comments:
Post a Comment