ਰਾਤੀਂ ਖ਼ਾਬ ਆਇਆ, ਇਕ ਦਿਨ ਉਹ ਆਉਣੈ,
ਜਿਸ ਦਿਨ ਤਾਰੇ ਦੁਪਹਿਰ ਨੂੰ ਚੜ੍ਹਨਗੇ ਵੇ।
ਜਿਸ ਦਿਨ ਤਾਰੇ ਦੁਪਹਿਰ ਨੂੰ ਚੜ੍ਹਨਗੇ ਵੇ।
ਦਾਨਿਸ਼ਵਰੀ ਵਟ ਜਾਊ ਅਚੰਭਿਆਂ ਵਿਚ,
ਘੋੜੇ ਦੌੜਦੇ ਅਕਲ ਦੇ ਖੜ੍ਹਨਗੇ ਵੇ
ਘੋੜੇ ਦੌੜਦੇ ਅਕਲ ਦੇ ਖੜ੍ਹਨਗੇ ਵੇ
ਐਸਾ ਫ਼ਿਜ਼ਾ ਦੇ ਵਿੱਚ ਖੜਾਕ ਹੋਣਾ,
ਸੁੱਕੇ ਪੱਤੇ ਦਰਖ਼ਤਾਂ ਦੇ ਝੜਨਗੇ ਵੇ।
ਸੁੱਕੇ ਪੱਤੇ ਦਰਖ਼ਤਾਂ ਦੇ ਝੜਨਗੇ ਵੇ।
ਸਦੀਆਂ ਲੰਮੀ ਖ਼ਾਮੋਸ਼ੀ ਦੀ ਜੀਭ ਉੱਤੇ,
ਕੁੰਡਲ਼ਦਾਰ ਸਪੋਲ਼ੀਏ ਲੜਨਗੇ ਵੇ।
ਕੁੰਡਲ਼ਦਾਰ ਸਪੋਲ਼ੀਏ ਲੜਨਗੇ ਵੇ।
ਸੁੱਤੇ ਪੱਥਰ ਦੇ ਮੱਥੇ ਵਦਾਣ ਵੱਜੂ,
ਦੋਹਾਂ ਵਿੱਚੋਂ ਚੰਗਿਆੜੇ ਜਹੇ ਝੜਨਗੇ ਵੇ।
ਦੋਹਾਂ ਵਿੱਚੋਂ ਚੰਗਿਆੜੇ ਜਹੇ ਝੜਨਗੇ ਵੇ।
ਐਸੀ ਕੰਬਣੀ ਚੜ੍ਹੂ ਜਮੂਦ ਤਾਈਂ,
ਜਿਸਦੇ ਸਾਹਮਣੇ ਵਹਿਮ ਨਾ ਖੜ੍ਹਨਗੇ ਵੇ।
ਜਿਸਦੇ ਸਾਹਮਣੇ ਵਹਿਮ ਨਾ ਖੜ੍ਹਨਗੇ ਵੇ।
ਕੀਨੇ, ਭੈਅ, ਸਵਾਰਥ, ਦਵੈਸ਼, ਹਉਮੈ,
ਦੁੰਬ ਦੱਬ ਕੇ ਕੰਦਰੀਂ ਵੜਨਗੇ ਵੇ।
ਦੁੰਬ ਦੱਬ ਕੇ ਕੰਦਰੀਂ ਵੜਨਗੇ ਵੇ।
ਨੇਤਰ ਖੁੱਲ੍ਹ ਜਾਣੇ ਗਾੜ੍ਹੇ ਨੇਰ੍ਹਿਆਂ ਦੇ,
ਸੁਪਨੇ ਪੈਰਾਂ ਦੇ ਵਿੱਚ ਨਾ ਅੜਨਗੇ ਵੇ।
ਸੁਪਨੇ ਪੈਰਾਂ ਦੇ ਵਿੱਚ ਨਾ ਅੜਨਗੇ ਵੇ।
ਤੇਰੇ ਜਹੇ ਮਹਿਬੂਬ ਹੁਸੀਨ, ਸੋਹਲ,
ਸਾਹਵੇਂ ਅੱਖੀਆਂ ਦੇ ਆਇ ਖੜ੍ਹਨਗੇ ਵੇ।
ਸਾਹਵੇਂ ਅੱਖੀਆਂ ਦੇ ਆਇ ਖੜ੍ਹਨਗੇ ਵੇ।
ਆਸ਼ਕ ਲੈਣਗੇ ਝੂਟਾ ਕੁਰਬਾਨੀਆਂ ਦਾ,
ਭੰਬਟ ਹੱਸ ਕੇ ਸ਼ਮ੍ਹਾ 'ਤੇ ਸੜਨਗੇ ਵੇ।
ਭੰਬਟ ਹੱਸ ਕੇ ਸ਼ਮ੍ਹਾ 'ਤੇ ਸੜਨਗੇ ਵੇ।
ਖ਼ੁਸ਼ ਹੋਣਗੇ ਪੁਰਖੇ, ਬਜ਼ੁਰਗ ਬਾਬੇ,
ਸੋਹਿਲੇ ਗਾਉਣਗੇ ਤੇ ਮੰਗਲ਼ ਪੜ੍ਹਨਗੇ ਵੇ।
ਸੋਹਿਲੇ ਗਾਉਣਗੇ ਤੇ ਮੰਗਲ਼ ਪੜ੍ਹਨਗੇ ਵੇ।
ਕਿੱਸੇ ਲਿਖਣਗੇ ਵਿਜੇ ਵਿਵੇਕ ਵਰਗੇ,
ਕਥਾਕਾਰ ਕਹਾਣੀਆਂ ਘੜਨਗੇ ਵੇ।
ਕਥਾਕਾਰ ਕਹਾਣੀਆਂ ਘੜਨਗੇ ਵੇ।
ਏਸ ਇਸ਼ਕ ਦੀ ਅੱਗ ਦੇ ਲਾਂਬੂਆਂ ਨੂੰ,
ਪਾੜ੍ਹੇ ਵਿੱਚ ਸਕੂਲਾਂ ਦੇ ਪੜ੍ਹਨਗੇ ਵੇ।
ਪਾੜ੍ਹੇ ਵਿੱਚ ਸਕੂਲਾਂ ਦੇ ਪੜ੍ਹਨਗੇ ਵੇ।
- ਵਿਜੇ ਵਿਵੇਕ
No comments:
Post a Comment