Thursday, April 23, 2020

ਨਾਗਮਣੀ - ਅਕਤੂਬਰ,1968


ਤੈਨੂੰ ਮੁਖ਼ਾਤਿਬ ਹਾਂ ਗੁੱਡੀਏ / ਹਰਜਿੰਦਰਮੀਤ

(ਅੱਧੀ ਹਾਂ ਮੈ ਅਮਲੀ ਦੀ,
ਅੱਧੀ ਤੇਰੀ ਹਾਂ ਮੁਲਾਹਜ਼ੇਦਾਰਾ - ਲੋਕ ਗੀਤ)

ਗੁੱਡੀਏ ! ਮੈਂ ਨਾ ਅਮਲੀ ਨੂੰ ਮੁਖ਼ਾਤਿਬ ਹਾਂ
ਤੇ ਨਾ ਮੁਲਾਹਜ਼ੇਦਾਰ ਨੂੰ
ਇਸ ਪਲ ਮੈਂ ਸਿਰਫ਼ ਤੇਰੀ ਉਸ ਅੱਥਰੀ ਰੀਝ ਨੂੰ ਮੁਖ਼ਾਤਿਬ ਹਾਂ
ਜਿਲ੍ਹਣ ਭਰੇ ਇਸ ਦੌਰ 'ਚ ਵੀ
ਜੀਹਨੇ ਤੇਰੇ ਮਨ ਵਿਚ ਸਾਂਭੀ ਰੱਖੀ ਜਿਉਂਣ ਦੀ ਲਾਲਸਾ
ਦੁਨੀਆ ਨੇ ਤਾਂ ਤੇਰੇ ਮਨ ਦੇ ਚਹਿਚਹਾਉਂਦੇ ਪੰਛੀਆਂ ਨੂੰ
ਪਿੰਜਰੇ 'ਚ ਡੱਕਣ ਲਈ ਕੋਈ ਕਸਰ ਨਹੀਂ ਛੱਡੀ
ਇਹ ਤੇਰੀ ਬਹਾਦਰੀ ਹੈ ਕਿ ਤੂੰ ਅਣਦਿੱਸਦੇ ਇਸ ਜਾਲ 'ਚੋਂ
ਤੂੰ ਉੱਡਣ ਲਈ ਸਾਰੇ ਨਹੀਂ ਤਾਂ
ਅੱਧੇ ਖੰਭ ਤਾਂ ਬਚਾ ਲਿਆਈ ਏਂ
ਗੁੱਡੀਏ ! ਭਾਈ ਜੀ ਨੇ ਤਾਂ, ਲਾਵਾਂ ਵਾਲੇ ਦਿਨ ਹੀ
ਅਮਲੀ ਨੂੰ ਰਾਖਵੇਂ ਕਰ ਦਿੱਤੇ ਸਨ
ਤੇਰੀ ਜ਼ਿੰਦਗੀ ਦੇ ਸਾਰੇ ਹੱਕ
ਅਤੇ ਲੋਕਾਂ ਨੇ ਉਸ ਦਿਨ ਹੀ ਛਿੰਦੋ ਮਜਾਜਣ ਦਾ ਨਾਮ
ਛਿੰਦੋ ਤੋਂ ਅਮਲੀ ਦੇ ਘਰ ਵਾਲੀ ਰੱਖ ਲਿਆ ਸੀ ।
ਗੁੱਡੀਏ ! ਅਮਲੀ ਨੇ ਤਾਂ ਆਪਣੇ ਪਿਉ ਦਾਦੇ ਤੋਂ
ਧਰਤੀ ਤੇ ਤੀਵੀਂ ਨੂੰ ਸਿਰਫ਼ ਵਾਹੁਣਾ ਹੀ ਸਿੱਖਿਆ ਹੈ
ਔਰਤ ਉਹਦੇ ਲਈ ਔਰਤ ਨਹੀਂ
ਲੱਕੜ ਦਾ ਮੋਛਾ ਹੈ
ਜੀਹਨੂੰ ਛਿੱਲ ਛਾਂਗ ਕੇ ਉਸਨੇ ਬਰਾਬਰ ਦਾ ਕਰ ਹੀ ਲੈਣਾ ਹੈ
ਦਰਦ ਨਾਲ ਧੁਰ ਅੰਦਰ ਤੱਕ ਪਿੰਜੀ
ਤੇਰੀ ਰੂਹ ਦੀ ਕੁਰਲਾਹਟ ਨੂੰ ਤ੍ਰੀਆ ਚਰਿੱਤਰ ਦਾ ਫਤਵਾ ਦੇ
ਮਨ ਹੀ ਮਨ ਪਾਲੇਗਾ ਉਹ
ਆਪਣੇ ਪੂਰਾ ਮਰਦ ਹੋਣ ਦਾ ਭਰਮ
ਅਤੇ ਸੱਥ ਵਿੱਚ ਬੈਠੀ ਮਡੀਰ ਨੂੰ
ਬੜੇ ਮਾਣ ਨਾਲ ਸਿਖਾਏਗਾ
ਤੀਵੀਂ ਦੀਆਂ ਰੜਕਾਂ ਕੱਢਣ ਦੇ ਗੁਰ
ਗੁੱਡੀਏ ! ਤੂੰ ਉਹਦੇ ਲਈ ਸਾਬਤ ਸਬੂਤੀ ਔਰਤ ਨਹੀਂ
ਖੰਡ ਦਾ ਖੇਡਣਾ ਏਂ
ਅਤੇ ਜ਼ਿੰਦਗੀ ਦੇ ਅਰਥ ਉਹਦੇ ਲਈ
ਦੋ ਵੇਲੇ ਮਿਲਦੀ ਅਫ਼ੀਮ ਤੋਂ ਵੱਧ ਕੁਝ ਨਹੀਂ
ਉਹਨੇ ਤਾਂ ਦਾਲ ਵਿੱਚ ਘੱਟ ਰਹਿ ਗਏ ਲੂਣ ਤੋਂ
ਮਰੋੜ ਲੈਣੀ ਸੀ ਤੇਰੀ ਗੁੱਤ
ਤੇਰੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਤੇ
ਉਹਨੇ ਲਾਹ ਲਿਆ ਕਰਨੀ ਸੀ
ਗਲੀਆਂ ਕੱਛਦਿਆਂ ਠਿੱਬੀ ਹੋ ਗਈ ਜੁੱਤੀ
ਹੋ ਇਹ ਵੀ ਸਕਦਾ ਹੈ ਕਿ ਤੋਟ ਪਈ ਤੋਂ ਉਹ ਤੈਨੂੰ
ਘੱਲ ਦੇਵੇ ਜੈਲੇ ਬਲੈਕੀਏ ਕੋਲ
ਹਨੇਰੇ ਸਵੇਰੇ ਉਧਾਰ ਅਫ਼ੀਮ ਲੈਣ
ਗੁੱਡੀਏ! ਜ਼ਿੰਦਗੀ ਜਦੋਂ ਜ਼ਿੰਦਗੀ ਨਾ ਰਹੀ
ਤਾਂ ਤੇਰੇ ਬੁੱਲ੍ਹਾਂ ਤੋਂ ਮਰ ਜਾਣਗੇ ਤ੍ਰਿਝਣਾ ਚੋਂ ਸਿੱਖੇ ਗੀਤ
ਤੇਰੀਆਂ ਅੱਡੀਆਂ ਨੂੰ ਭੁੱਲ ਜਾਵੇਗਾ ਗਿੱਧੇ ਦਾ ਤਾਲ
ਉਦੋਂ ਤੈਨੂੰ ਬਹੁਤ ਯਾਦ ਆਇਆ ਕਰਨਗੇ ਉਹ ਦਿਨ
ਜਦੋਂ ਬਾਬਲ ਦੇ ਖੇਤਾਂ ਵਿੱਚ ਕਣਕ ਨਹੀਂ ਸੁਪਨੇ ਉੱਗਦੇ ਹਨ
ਜਦੋਂ ਅੰਬਰ ਦੇ ਸਾਰੇ ਤਾਰੇ
ਮੀਢੀਆਂ ਵਿੱਚ ਗੁੰਦ ਲੈਣ ਨੂੰ ਜੀ ਕਰਦਾ ਹੈ
ਜਦੋਂ ਸਾਰੀ ਦੀ ਸਾਰੀ ਧਰਤੀ ਉਪਰ ਅੰਬਰ ਬਣਕੇ
ਫੈਲ ਜਾਣ ਦੀ ਲੋਚਾ ਹੁੰਦੀ ਹੈ
ਗੁੱਡੀਏ ਗੱਲ ਮਹਿਜ ਅਮਲੀ ਜਾਂ ਮੁਲਾਹਜੇਦਾਰ ਦੀ ਨਹੀਂ
ਗੱਲ ਤਾਂ ਰੀਝ ਨੂੰ ਰਾਹ ਬਣਾਉਣ ਦੀ ਹੈ
ਗੱਲ ਤਾਂ ਜ਼ਿੰਦਗੀ ਨੂੰ ਅਗਾਂਹ ਹੋ ਕੇ ਵਰ੍ਹਣ ਦੀ ਹੈ ।
ਦੋ ਬੇੜੀਆਂ 'ਚ ਪੈਰ ਰੱਖ ਕੇ ਸਮੁੰਦਰ ਪਾਰ ਨਹੀਂ ਹੋਣਾ
ਦੋ ਚਿੱਤੀ ਨੇ ਤਾਂ ਡੋਬਣ ਲਈ ਹੌਲੀ ਹੌਲੀ ਭੰਵਰ ਬਣ ਜਾਣਾ ਹੈ 
(ਨਾਗਮਣੀ, ਅਕਤੂਬਰ 1982, ਅੰਕ - 198)
#Harjindermeet

? ਮੈਂ ਇੱਕ ਲੰਬੇ ਅਨੁਭਵ ਤੋਂ ਬਾਅਦ 'ਰਸ ਸਿਧਾਂਤ' ਦੀ ਵਿਆਖਿਆ ਕੀਤੀ ਹੈ, ਕਿਸੇ ਦੀ ਰਚਨਾ ਦੇ ਆਧਾਰ ਉੱਤੇ ਨਹੀਂ ਬਲਕਿ ਸਾਹਿਤਕਾਰ ਦੀ ਜ਼ਿੰਦਗੀ ਦੇ ਆਧਾਰ ਉੱਤੇ| ਮੇਰਾ ਅਨੁਭਵ ਹੈ ਕਿ ਜਦੋਂ ਕਿਸੇ ਕਵੀ ਨੂੰ ਕੁੜੀਆਂ ਦਾਦ ਦਿੰਦੀਆਂ ਹਨ, ਉਦੋਂ ਸ਼ਿੰਗਾਰ ਰਸ ਦਾ ਜਨਮ ਹੁੰਦਾ ਹੈ| ਜਦੋਂ ਕਿਸੇ ਕਵੀ ਦੀ ਕਵਿਤਾ ਜਾਂ ਕਹਾਣੀ ਦੇ ਨਾਲ ਉਸਦੀ ਤਸਵੀਰ ਛਪਦੀ ਹੈ, ਤਾਂ ਅਦੁਭਤ ਰਸ ਪੈਦਾ ਹੁੰਦਾ ਹੈ| ਜਦੋਂ ਕੋਈ ਆਲੋਚਕ ਕਿਸੇ ਕਵੀ ਦੀ ਆਲੋਚਨਾ ਕਰਦਾ ਹੈ ਤਾਂ ਕਵੀ ਵਿੱਚ ਭਿਆਨਕ ਰਸ ਪੈਦਾ ਹੁੰਦਾ ਹੈ, ਤੇ ਜਵਾਬੀ ਲੇਖ ਨਾਲ ਵੀਰ ਰਸ ਪੈਦਾ ਹੁੰਦਾ ਹੈ| ਜਦੋਂ ਅਫ਼ਵਾਹ ਉੱਡਦੀ ਹੈ ਕਿ ਇਸ ਵਰ੍ਹੇ ਦਾ ਇਨਾਮ ਉਸ ਨੂੰ ਨਹੀਂ, ਉਸ ਦੇ ਸਮਕਾਲੀ ਨੂੰ ਮਿਲ ਰਿਹਾ ਹੈ ਤਾਂ ਕਵੀ-ਲੇਖਕ ਦੇ ਵਿੱਚ ਬੀਭਤਸ ਰਸ ਦਾ ਸੰਚਾਰ ਹੁੰਦਾ ਹੈ| ਅਤੇ ਖ਼ੁਦਾ ਨਖ਼ਾਸਤਾ ਜਦੋਂ ਉਹ ਇਨਾਮ ਕਿਸੇ ਦੂਸਰੇ ਨੂੰ ਮਿਲ ਜਾਂਦਾ ਹੈ ਤਾਂ ਪਹਿਲੇ ਦੇ ਮਨ ਵਿੱਚ ਰੁਦ੍ਰ ਰਸ ਪੈਦਾ ਹੁੰਦਾ ਹੈ| ਤੇ ਜਿਸ ਨੂੰ ਮਿਲ ਜਾਂਦਾ ਹੈ- ਉਹਦੇ ਅੰਦਰ ਸ਼ਾਂਤ ਰਸ ਦਾ ਜਨਮ ਹੁੰਦਾ ਹੈ| ਤੇ ਹਾਂ ਸੱਚ- ਜਦੋਂ ਇਨਾਮੀ ਮੁਕਾਬਲੇ ਵਿੱਚ ਹਾਰੇ ਹੋਏ ਕਵੀ ਨਾਲ ਲੋਕ ਹਮਦਰਦੀ ਕਰਦੇ ਹਨ ਤਾਂ ਉਹਦੇ ਅੰਦਰ ਕੁਝ ਕਰੁਣਾ ਰਸ ਦਾ ਸੰਚਾਰ ਹੁੰਦਾ ਹੈ| ਤੁਸੀਂ ਦੱਸਣਾ ਇਮਰੋਜ਼ ਜੀ, ਮੇਰੀ ਵਿਆਖਿਆ ਨਾਲ ਤੁਸੀਂ ਸਹਿਮਤ ਹੋ? - ਸ. ਸਿੰਘ 
* ਸਹਿਮਤ ਨਹੀਂ ਹੋ ਸਕਦਾ ਕਿਉਂਕਿ ਤੁਸਾਂ ਇਹ ਵਿਆਖਿਆ ਕਰਦਿਆਂ ਕਵੀ-ਲੇਖਕ ਲਫ਼ਜ਼ਾਂ ਨੂੰ ਕਾਮਿਆਂ ਵਿੱਚ ਨਹੀਂ ਲਿਖਿਆ| ਨਾਲ ਹੀ ਤੁਹਾਨੂੰ ਯਾਦ ਕਰਾ ਦਿਆਂ ਕਿ ਤੁਸਾਂ ਅੱਠ ਰਸ ਬਿਆਨ ਕੀਤੇ ਹਨ, ਨੌੰਵੇ ਦਾ ਜ਼ਿਕਰ ਨਹੀਂ ਕੀਤਾ| ਨੌਂਵਾਂ ਹਾਸ-ਰਸ ਇਹ ਸਾਰੀ ਹਾਲਤ ਹੈ|
ਅੰਕ- 193 (ਕਾਜ਼ੀ ਦੀਆਂ ਛਮਕਾਂ)
ਮਈ 1982
#Nagmani #AmritaImroz

"ਨਾਗਮਣੀ ਦੀ ਸਾਰੀ ਮਮਤਾ ਗਿਣਤੀ ਦੀਆਂ ਦੋ ਚਾਰ ਕਲਮਾਂ ਦੇ ਲੇਖੇ ਕਿਉਂ ਲੱਗ ਗਈ ਹੈ?" - ਇੱਕ ਪਾਠਕ 

ਜਵਾਬ - ਇਹ ਖ਼ੂਨ ਦੇ ਰਿਸ਼ਤੇ ਦੀ ਮਮਤਾ ਨਹੀਂ, ਮਿਆਰ ਦੀ ਮਮਤਾ ਹੈ
ਸਾਕੀ ਆਪਣੇ ਹੱਥਾਂ ਨਾਲ ਪਿਆਵੇਂਗਾ ਤੇ ਪੀਵਾਂਗਾ
ਬੁੱਲ੍ਹੀਂ ਛੁਲਕੇ ਭਾਂਬੜ ਵੀ ਜੇ ਲਾਵੇਂਗਾ ਤੇ ਪੀਵਾਂਗਾ

ਮੈਨੂੰ ਤੇਰੀ ਸਹੁੰ ਦਿਲ ਮਸਜ਼ਿਦ ਮੰਦਰ ਗਿਰਜੇ ਵੱਸਣ ਦੀ
ਸਜਦੇ ਵਾਂਗੂੰ ਜਾਮ ਚ ਨਜ਼ਰੀਂ ਆਵੇਂਗਾ ਤਾਂ ਪੀਵਾਂਗਾ

ਏਨੇ ਚੀਖ ਚਿਹਾੜੇ ਦੇ ਵਿੱਚ ਹਲਕੋਂ ਥੁੱਕ ਵੀ ਨਈ ਲੰਘਣਾ
ਭੁੱਖੇ ਰੋਂਦੇ ਪਿੱਟਦੇ ਲੋਕ ਹਸਾਵੇਂਗਾ ਤੇ ਪੀਵਾਂਗਾ

ਹੱਥ ਤੇ ਰੱਖਿਆ ਸੂਰਜ ਵੀ ਨਈ ਦਿਸਦਾ ਏਸ ਹਨੇਰੇ ਵਿੱਚ
ਇਸ ਮੁੱਖੜੇ ਤੋਂ ਜ਼ੁਲਫ਼ਾਂ ਦੂਰ ਹਟਾਵੇਂਗਾ ਤੇ ਪੀਵਾਂਗਾ

ਅਨਵਰ ਏਵੇਂ ਮਿੱਠੇ ਕੌੜੇ ਪਾਣੀ ਮੂੰਹ ਨਈ ਲਾਉਣੇ ਮੈਂ
ਅੱਗ ਉਦਰੇਵਾਂ ਨੇੜੇ ਬੈਠ ਬੁਝਾਵੇਂਗਾ ਤੇ ਪੀਵਾਂਗਾ

- ਮੁਸਤਫ਼ਾ ਅਨਵਰ
ਨੱਕ ਕੰਨ ਮੇਰੇ ਮਾਪਿਆਂ ਵਿੰਨਾਏ
ਬੁੱਲ ਨੀ ਮੈਂ ਆਪ ਵਿੰਨ ਲਏ

ਦੱਸ ਚੁੰਨੀ ਕਿਸ ਕੰਨੀਓਂ ਹੀਣੀ
ਪੱਗੇ ਨੀ ਗ਼ਰੂਰ ਪਿੱਟੀਏ

ਝੱਟ ਵੀਹਣੀ ਵਿੱਚ ਵੰਗਾਂ ਛਣਕਾ
ਨੀ ਖੁੱਲੇ ਅੱਖ ਚੇਤਰ ਦੀ

ਅਸੀਂ ਭੁੱਲਕੇ ਵੀ ਸੀ ਨਈਓਂ ਕੀਤੀ
ਲੱਖ ਵਾਰੀ ਦਿਲ ਟੁੱਟਿਆ

ਮਾਏ ਸਰਿਓਂ ਦੇ ਫੁੱਲ ਕਢਾਦੇ
ਮਿੱਟੀ ਰੰਗੀ ਚਾਦਰ ਤੇ

ਮਨਾ ਮੂੰਹੀਂ ਅੱਗ ਔਂਤਰੀ ਖਰੀਦੀ
ਚੁੱਲ੍ਹੇ ਫੇਰ ਠਰੇ ਦੇ ਠਰੇ

ਪੀੜਾਂ ਚੁਣਾਂ ਪਿਆ ਸਾਹਾਂ ਦੇ ਸਰੀਰੋਂ
ਹਾਸਿਆਂ ਦੀ ਝੋਲ ਬੰਨਕੇ

- ਮੁਸਤਫ਼ਾ ਅਨਵਰ
ਏਦਾਂ ਦਾ ਦਿਲ ਕਰਦਾ ਰੋਜ਼ ਹਨੇਰ ਪਵੇ
ਦੀਵਾ ਕੱਬੀ 'ਵਾ ਦੇ ਅੱਗੇ ਵੇਅਰ ਪਵੇ

ਪਾਣੀ ਮਿੱਠੇ ਹੋ ਗਏ ਖਾਰੇ ਖੂਹਾਂ ਦੇ
ਸ਼ਾਲਾ ਓਹਦੇ ਮਨ ਦੇ ਵਿੱਚ ਵੀ ਮੇਹਰ ਪਵੇ

ਚੰਨਾ ਓਨਾ ਚਿਰ ਲੋਅ ਆਪਣੀ ਸੇਕਣਦੇ
ਸੜਦੇ ਨੈਣੀਂ ਠੰਡ ਨਾ ਜਿੰਨੀ ਦੇਰ ਪਵੇ

ਹੱਸਕੇ ਦਿੱਤਾ ਐਸਾ ਮੋੜ ਹਯਾਤੀ ਨੂੰ
ਆਉਂਦੇ ਜਾਂਦੇ ਸਾਹ ਦੀ ਲੇਰ ਤੇ ਲੇਰ ਪਵੇ

ਜਿਹਦੇ ਕਾਰਨ ਮਰਕੇ ਜੀਂਦਾ ਹੋ ਜਾਵਾਂ
'ਅਨਵਰ' ਝੋਲੀ ਏਦਾਂ ਦਾ ਇੱਕ ਸ਼ੇਅਰ ਪਵੇ

- ਮੁਸਤਫ਼ਾ ਅਨਵਰ


ਗੱਲ ਗੱਲ ਤੇ ਜੋ ਫੱਕਦਾ ਸਾੜ ਪੰਜਾਬੀ ਦਾ
ਕੱਖ ਨਈ ਸਕਣਾ ਓਸ ਵਿਗਾੜ ਪੰਜਾਬੀ ਦਾ

ਸੌ ਵਰ੍ਹਿਆਂ ਦੀ ਰਾਤ ਮਗਰ ਵੀ ਸੂਰਜ ਏ
ਆਕੇ ਰਹਿਣਾ ਦਿਨ ਦਿਹਾੜ ਪੰਜਾਬੀ ਦਾ

ਹੁਣ ਇਹ ਚੁੱਪ ਨਈ ਚਿੰਬੜੀ ਰਹਿਣੀ ਬੁੱਲ੍ਹਾਂ ਨੂੰ
ਹੁਣ ਫਿਰ ਤੂੰ ਨਾ ਝੁੱਗਾ ਤਾੜ ਪੰਜਾਬੀ ਦਾ

ਓਸ ਤਬੀਅਤ ਵੇਖੀ ਚੇਤਰ ਪੋਹ ਵਰਗੀ
ਹਾਲੇ ਤੱਕਿਆ ਨਈ ਉਸ ਹਾੜ੍ਹ ਪੰਜਾਬੀ ਦਾ

ਜੱਟਾ ਹਿੰਮਤ ਕਰ ਤੂੰ ਮਾੜਾ ਮਰਦਾ ਏਂ
ਊਠਾਂ ਉੱਤੇ ਸਿੱਟ ਪਹਾੜ ਪੰਜਾਬੀ ਦਾ

ਅੱਖ ਵਿੱਚ ਰੜਕੇ ਪਿੱਛਲੀ ਵੰਡ ਦੀ ਲੀਕਰ ਪਈ
ਵਸਦਾ ਘਰ ਨਾ ਫੇਰ ਉਜਾੜ ਪੰਜਾਬੀ ਦਾ

- ਮੁਸਤਫ਼ਾ ਅਨਵਰ



ਬਣਦੇ ਜਾਂਦੇ ਗਲ ਦੇ ਫਾਹ ਬਈ ਮਾਰੇ ਗਏ
ਘੋਟੂ ਦੇਵਣ ਲੱਗ ਪਏ ਸਾਹ ਬਈ ਮਾਰੇ ਗਏ

ਦੱਸਣ ਦਾ ਨਈ ਛੱਡਿਆ ਇਸ ਇਕਲਾਪੇ ਨੇ
ਵਿਕਦੀ ਪਈ ਏ ਜਿਹੜੇ ਭਾਅ ਬਈ ਮਾਰੇ ਗਏ

ਇੱਕ ਅਣਹੋਣੀ ਲੈ ਬੈਠੀ ਏ ਲੋਕਾਂ ਨੂੰ
ਸੁੰਞੇ ਹੋ ਗਏ ਵਸਦੇ ਰਾਹ ਬਈ ਮਾਰੇ ਗਏ

ਤੇਰੇ ਬੂਹਿਆਂ ਨੂੰ ਵੀ ਜਿੰਦਰੇ ਚੜ ਗਏ ਨੇ
ਰੱਬਾ ਦੇਵੇ ਕੌਣ ਪਨਾਹ ਬਈ ਮਾਰੇ ਗਏ

ਇਸਤੋਂ ਵਧਕੇ ਹੋਰ ਉਜਾੜਾ ਕੀ ਹੋਣਾ
ਚੁੱਲ੍ਹੇ ਚੌਂਤੇ ਉੱਘ ਪਏ ਘਾਹ ਬਈ ਮਾਰੇ ਗਏ

ਅਨਵਰ ਇਹ ਦਿਨ ਔਂਤਰ ਜਾਣੇ ਆ ਗਏ ਨੇ
ਹੱਥ ਮਿਲਾਵਣ ਦੀ ਨਈ ਵਾਹ ਬਈ ਮਾਰੇ ਗਏ

- ਮੁਸਤਫ਼ਾ ਅਨਵਰ



ਅੱਧ ਪਚੱਦੀਆਂ ਗ਼ਜ਼ਲਾਂ ਦੇ ਵਿੱਚ ਤੇਰਾ ਜੋਬਨ ਭਰ ਜਾਵਾਂ
ਵੰਗਾਂ ਨੂੰ ਛਣਕਾ ਕੁਝ ਮਿਸਰੇ ਸਿੱਧੇ ਪਧਰੇ ਕਰ ਜਾਵਾਂ

ਪੈਰੀਂ ਜੰਨਤਾਂ ਰੱਖਣ ਵਾਲੀਏ ਰੱਬ ਤੋਂ ਡਰਕੇ ਕਹਿਨਾਂ ਵਾਂ
ਕੰਡ 'ਤੇ ਤੇਰਾ ਹੱਥ ਹੋਵੇ ਤੇ ਅੱਗ ਦਾ ਦਰਿਆ ਤਰ ਜਾਵਾਂ

ਜਿਹੜਾ ਮੇਰੇ ਇੱਕ ਇੱਕ ਸਾਹ ਨੂੰ ਰੋਜ਼ ਤਵੇ ਤੇ ਪਾਉਂਦਾ ਏ
ਫਿਰ ਖ਼ਬਰੇ ਕਿਉਂ ਉਹਦਾ ਮੁੱਖ ਜਦ ਵੇਖਾਂ ਮੈਂ ਠਰ ਠਰ ਜਾਵਾਂ

ਤੂੰ ਕਿਤਿਓਂ ਨੀ ਥੁੜਦੀ ਦਿਸਦੀ ਤੂੰ ਅਜ਼ਲਾਂ ਤੋਂ ਪੂਰੀ ਏਂ
ਚੁੰਨੀ ਦੀ ਥਾਂ ਤੇਰੇ ਸਿਰ ਤੇ ਕਿਉਂ ਨਾ ਪਗੜੀ ਧਰ ਜਾਵਾਂ

ਅੰਬਰ ਤੇ ਧਰਤੀ ਦੇ ਰਾਜ਼ਕ ਵੱਲੋਂ ਰਿਜ਼ਕ ਉਡੀਕਦਾ ਮੈਂ
ਉਹ ਨਾ ਹੋਵੇ ਘਰ ਬੈਠਾ ਈ ਅਨਵਰ ਭੁੱਖਾ ਮਰ ਜਾਵਾਂ

- ਮੁਸਤਫ਼ਾ ਅਨਵਰ

Mustafa Anwar

ਆਪਣਾ ਸਿਰ ਮੈਂ ਇਹ ਗੱਲ ਸੋਚ ਕੇ ਚੁੱਕਿਆ ਨਹੀਂ
ਅਜੇ ਤੇ ਅਗਲਾ ਲਹੂ ਡਾਂਗਾਂ ਤੋਂ ਸੁੱਕਿਆ ਨਹੀਂ

ਜ਼ਹਿਰ ਵੀ ਉਹਨੇ ਇੰਝ ਤਲੀ 'ਤੇ ਰੱਖਿਆ ਏ
ਚਸਕੇ ਲੈ ਲੈ ਚੱਟ ਗਿਆ ਵਾਂ, ਥੁੱਕਿਆ ਨਹੀਂ

ਤੇਰਾ ਦਿੱਤਾ ਦੁੱਖ ਵੀ ਦੁੱਧ ਪੁੱਤ ਵਰਗਾ ਏ
ਜੱਗ ਤੋਂ ਬਹੁਤ ਲੁਕੋਇਆ ਏ, ਪਰ ਲੁਕਿਆ ਨਹੀਂ

ਕੋਰਟ ਕਚਿਹਰੀ ਖਾ ਗਏ ਸੱਤਵੀਂ ਪੀੜ੍ਹੀ ਵੀ
ਪੀੜੀ ਜਿੰਨੀ ਥਾਂ ਦਾ ਝਗੜਾ ਮੁੱਕਿਆ ਨਹੀਂ

ਏਨੀ ਬੇਤਕਿਆਈ ਕੀਤੀ ਲੋਕਾਂ ਨੇ
ਮੱਲ੍ਹਮਾਂ ਕੀ ਇਸ ਫੱਟ 'ਤੇ ਲੂਣ ਵੀ ਭੁੱਕਿਆ ਨਹੀਂ

ਰੱਖਿਆ ਸੀ ਇੱਕ ਅੱਥਰੂ ਆਪਣੇ ਰੋਵਣ ਲਈ
ਅਨਵਰ ਉਹ ਵੀ ਡੁੱਲ੍ਹ ਜਾਣਾ ਅੱਜ ਰੁਕਿਆ ਨਹੀਂ।

- ਮੁਸਤਫ਼ਾ ਅਨਵਰ